Bathinda/ ਚੰਡੀਗੜ੍ਹ, 6ਦਸੰਬਰ 2024: ਸੰਯੁਕਤ ਕਿਸਾਂਨ ਮੋਰਚੇ (ਗੈਰ ਰਾਜਨੀਤਕ) ਦੀ ਅਗਵਾਈ ਹੇਠ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੱਢੀਆਂ ਕੰਕਰੀਟ ਦੀ ਮਜਬੂਤ ਕੰਧਾਂ ਕਾਰਨ ਬੰਦ ਹੋਏ ਰਾਹ ਨੇ ਆਮ ਆਦਮੀ ਅਤੇ ਵਪਾਰੀਆਂ ਦੀ ਜਿੰਦਗੀ ਦੁੱਖਾਂ ’ਚ ਫਸਾ ਦਿੱਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਸਰਕਾਰ ਅਤੇ ਕਿਸਾਨ ਧਿਰਾਂ ਚੋਂ ਕੋਈ ਵੀ ਪਿੱਛੇ ਪੈਰ ਹਟਾਉਣ ਨੂੰ ਤਿਆਰ ਨਹੀਂ ਹੈ ਜਿਸ ਨੇ ਨਜ਼ਦੀਕ ਪੈਂਦੇ ਸ਼ਹਿਰਾਂ ਕਸਬਿਆਂ ਅਤੇ ਅੰਬਾਲਾ ਵਰਗੇ ਵਪਾਰਿਕ ਮਹਾਂਨਗਰ ਨੂੰ ਆਰਥਿਕ ਪੱਖ ਤੋਂ ਬੁਰੀ ਤਰਾਂ ਝੰਬ ਦਿੱਤਾ ਹੈ। ਸਰਕਾਰ ਸਮਝਦੀ ਹੈ ਕਿ ਉਸ ਕੋਲ ਸਟੇਟ ਦੀ ਲਾਠੀ ਹੈ ਜਿਸ ਦੇ ਅਧਾਰ ਤੇ ਉਹ ਆਪਣੀ ਮਰਜੀ ਮੁਤਾਬਕ ਕੁੱਝ ਵੀ ਕਰ ਸਕਦੀ ਹੈ ਜਦੋਂਕਿ ਕਿਸਾਨਾਂ ਨੂੰ ਤਿੰਨ ਕਾਨੂੰਨ ਵਾਪਿਸ ਕਰਵਾਉਣ ਵਰਗੇ ਅੰਦੋਲਨ ਦੀ ਗੁੜ੍ਹਤੀ ਹੈ ਜੋ ਆਗੂਆਂ ਨੂੰ ਜਿੱਤ ਦਾ ਸੁਨੇਹਾ ਦਿੰਦੀ ਦਿਖਾਈ ਦੇ ਰਹੀ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਿਸਾਨਾਂ ਦੇ ਧਰਨੇ ਕਾਰਨ ਲੰਘੇ ਦਸ ਮਹੀਨਿਆਂ ਤੋਂ ਬੰਦ ਪਏ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਸਥਿਤ ਪੰਜਾਬ ਅਤੇ ਹਰਿਆਣਾ ਦਾ ਸ਼ੰਭੂ ਬਾਰਡਰ ਖੁੱਲ੍ਹਵਾਉਣ ਦੀ ਮੰਗ ਨੂੰ ਲੈਕੇ ਭਾਜਪਾ ਆਗੂਆਂ, ਪੰਚਾਂ ਸਰਪੰਚਾਂ ਅਤੇ ਵਪਾਰੀਆਂ ਦੇ ਪ੍ਰਤੀਨਿਧਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਮੁਲਾਕਾਤ ਕਰਕੇ ਜਾਣੂੰ ਕਰਵਾਇਆ ਸੀ ਕਿ ਇਹ ਰਸਤਾ ਬੰਦ ਹੋਣ ਕਾਰਨ ਦੋਵਾਂ ਸੂਬਿਆਂ ਦੇ ਤਕਰੀਬਨ ਸਾਰਿਆਂ ਹੀ ਵਰਗਾਂ ਨੂੰ ਵੱਡੀਆਂ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਇਹ ਮਸਲਾ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ ਹੈ ਜੋ ਕਾਰੋਬਾਰੀਆਂ ਦੇ ਫਿਕਰ ਵਧਾਉਣ ਵਾਲਾ ਸਾਬਤ ਹੋ ਰਿਹਾ ਹੈ। ਵਿਹਾਰਕ ਪੱਖ ਤੋਂ ਦੇਖਿਆ ਜਾਏ ਤਾਂ ਸਾਹਮਣੇ ਆਉਂਦਾ ਹੈ ਕਿ ਦੋਵਾਂ ਸੂਬਿਆਂ ਦੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਰੋਜਾਨਾਂ ਇੱਕ-ਦੂਜੇ ਸੂਬੇ ਦੇ ਸ਼ਹਿਰਾਂ ਵਿੱਚੋਂ ਖਰੀਦੋ-ਫਰੋਖਤ ਕਰਨ ਲਈ ਆਉਂਦੇ ਜਾਂਦੇ ਹਨ।
ਇੰਨ੍ਹਾਂ ਲੋਕਾਂ ਨੂੰ ਬਰਾਡਰ ਬੰਦ ਹੋਣ ਕਾਰਨ ਇੱਕ ਤੋਂ ਦੂਜੀ ਥਾਂ ਆਪੋ ਆਪਣੇ ਕੰਮ ਧੰਦਿਆਂ ਲਈ ਆਉਣ ਜਾਣ ਵੇਲੇ ਕਾਫੀ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ। ਜਿਹੜਾ ਸਫ਼ਰ ਪੰਜ ਜਾਂ ਦਸ ਮਿੰਟ ਵਿੱਚ ਸੰਭਵ ਸੀ, ਉਹ ਹੁਣ ਕਈ ਘੰਟਿਆਂ ਵਿੱਚ ਤੈਅ ਹੁੰਦਾ ਹੈ। ਭਾਰੀ ਟਰੈਫਿਕ ਕਾਰਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਸਮੇਤ ਇਲਾਕੇ ਦੀਆਂ ਲਿੰਕ ਸੜਕਾਂ ਅਤੇ ਪੁਲਾਂ ਦੀ ਹਾਲਤ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ। ਸ਼ੰਭੂ ਤੇ ਖਨੌਰੀ ਬਾਰਡਰ ਬੰਦ ਹੋਣ ਕਾਰਨ ਇੱਥੇ ਅੰਬਾਲਾ-ਚੰਡੀਗੜ੍ਹ ਸੜਕ ’ਤੇ 24 ਘੰਟੇ ਜਾਮ ਵਰਗੀ ਸਥਿਤੀ ਬਣੀ ਰਹਿਣ ਤੇ ਆਮ ਲੋਕਾਂ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਲੋਕ ਆਖਦੇ ਹਨ ਕਿ ਦੋਵਾਂ ਧਿਰਾਂ ਵਿਚਕਾਰ ਬਣੇ ਜਮੂਦ ਦੇ ਕਾਰਨ ਕੁੱਝ ਵੀ ਹੋਣ ਪਰ ਇੰਨ੍ਹਾਂ ਹਾਲਾਤਾਂ ਕਾਰਨ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਰੋਜਾਨਾਂ ਮੁਸ਼ਕਲਾਂ ਰੂਪੀ ਪੰਡ ਦਾ ਬੋਝ ਢੋਹਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਦੋਂਕਿ ਕਸੂਰ ਤਾਂ ਉਨ੍ਹਾਂ ਦਾ ਹੈ ਹੀ ਕੋਈ ਨਹੀਂ।
ਕਾਰੋਬਾਰੀਆਂ ਨੂੰ ਵੱਜੀ ਆਰਥਿਕ ਸੱਟ
ਕਿਸਾਨ ਅੰਦੋਲਨ ਨਾਲ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਅੰਬਾਲਾ ਤੇ ਪੰਜਾਬ ਵਿਚਾਲੇ ਆਉਣ-ਜਾਣ ਵਾਲੇ ਲੋਕਾਂ ਵੱਲੋਂ ਬਦਲਵੀਆਂ ਮੰਡੀਆਂ ਤਲਾਸ਼ਣ ਕਾਰਨ ਕਾਰੋਬਾਰ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਅੰਬਾਲਾ ਦਾ ਕੱਪੜਾ ਬਜ਼ਾਰ, ਸਰਾਫਾ, ਮਨਿਆਰੀ ਤੇ ਬਿਜਲੀ ਦੀਆਂ ਵਸਤੂਆਂ ਦੇ ਬਾਜ਼ਾਰਾਂ ਵਿੱਚ ਤਾਂ ਗਾਹਕਾਂ ਦੀ ਤੋਟ ਕਾਰਨ ਚੁੱਪ ਪੱਸਰੀ ਹੋਈ ਹੈ। ਸਰਾਫਾ ਐਸੋਸੀਏਸ਼ਨ ਸ਼ਹਿਰੀ ਦੇ ਪ੍ਰਧਾਨ ਨਰੇਸ਼ ਅਗਰਵਾਲ ਦਾ ਕਹਿਣਾ ਸੀ ਕਿ ਬਾਰਡਰ ਬੰਦ ਹੋਣ ਕਾਰਨ ਵਿੱਕਰੀ ਤੇ 30 ਤੋਂ 40 ਪ੍ਰਤੀਸ਼ਤ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਸਥਿਤੀ ਬਦਤਰ ਅਤੇ ਰਸਤਾ ਲੰਬਾ ਹੋਣ ਦੇ ਚੱਲਦਿਆਂ ਕੰਮਕਾਰ ਲਈ ਸਮਾਂ ਸਮਾਂ ਵੱਧ ਲੱਗਣ ਕਾਰਨ ਗਾਹਕ ਅੰਬਾਲਾ ਆਉਣ ਦੀ ਬਜਾਏ ਹੋਰ ਬਾਜ਼ਾਰਾਂ ਵੱਲ ਪਲਾਇਨ ਕਰ ਗਏ ਹਨ ਜਿੰਨ੍ਹਾਂ ਦੇ ਦੁਬਾਰਾ ਵਾਪਸ ਆਉਣ ਦੀ ਉਮੀਦ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਉਮੀਦ ਸੀ ਕਿ ਰਾਹ ਖੁੱਲ੍ਹ ਜਾਣਗੇ ਪਰ ਸਥਿਤੀ ਜਿਓਂ ਦੀ ਤਿਓਂ ਬਣੀ ਹੋਈ ਹੈ ਜੋ ਚਿੰਤਾ ਵਾਲੀ ਗੱਲ ਹੈ।
ਕਿਸਾਨਾਂ ਨੂੰ ਰੋਕਣ ਲਈ ਵੱਡੀਆਂ ਰੋਕਾਂ
ਜ਼ਿਕਰਯੋਗ ਹੈ ਕਿ ਦਿੱਲੀ ਕਿਸਾਨ ਮੋਰਚੇ ਦੌਰਾਨ ਮੰਨੀਆਂ ਹੋਈਆਂ ਵਿੱਚੋੀ ਆਪਣੀਆਂ ਬਕਾਇਆ ਮੰਗਾਂ ਦੀ ਪੂਰਤੀ ਲਈ ਜਦੋਂ ਹਜ਼ਾਰਾਂ ਕਿਸਾਨ 13 ਫਰਵਰੀ ਨੂੰ ਦਿੱਲੀ ਵੱਲ ਨੂੰ ਜਾ ਰਹੇ ਸਨ ਤਾਂ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ’ਤੇ ਜਬਰਦਸਤ ਰੋਕਾਂ ਲਾ ਦਿੱਤੀਆਂ ਸਨ। ਇਸ ਮੌਕੇ ਅੱਗੇ ਜਾਣ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾਅ ਵੀ ਹੋਇਆ ਤੇ ਕਿਸਾਨਾ ਦੀਆਂ ਗੱਡੀਆਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਸੀ। ਇਸ ਸਭ ਕਾਰਨ ਇੱਕ ਕਿਸਾਨ ਦੀ ਗੋਲੀ ਲੱਗਣ ਕਾਰਨ ਮੌਤ ਵੀ ਹੋ ਗਈ ਸੀ। ਅਖੀਰ ਕਿਸਾਨਾਂ ਨੇ ਐਲਾਨ ਕੀਤਾ ਕਿ ਹੁਣ ਉਹ ਉਦੋਂ ਹੀ ਦਿੱਲੀ ਵੱਲ ਨੂੰ ਕੂਚ ਕਰਨਗੇ ਜਦੋਂ ਸਰਕਾਰ ਖੁਦ ਰੋਕਾਂ ਹਟਾਵੇਗੀ। ਇਸ ਤਰ੍ਹਾਂ ਦਸ ਮਹੀਨਿਆਂ ਤੋਂ ਬਾਰਡਰਾਂ ’ਤੇ ਮੋਰਚੇ ਦਿਨ ਰਾਤ ਜਾਰੀ ਹਨ। ਇਨ੍ਹਾਂ ਦੋਵਾਂ ਬਾਰਡਰਾਂ ਤੇ ਕਿਸਾਨ ਮੋਰਚਿਆਂ ਦੀ ਅਗਵਾਈ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ , ਸੁਰਜੀਤ ਸਿੰਘ ਫੂਲ ਅਤੇ ਮਨਜੀਤ ਸਿੰਘ ਰਾਏ ਆਦਿ ਕਿਸਾਨ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ।